ਸਿਰੀ ਰਾਗ ਕੀ ਵਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੀ ਰਾਗ ਕੀ ਵਾਰ : ਗੁਰੂ ਰਾਮ ਦਾਸ ਜੀ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਈ ਵਾਰਾਂ ਵਿਚੋਂ ਇਕ ਹੈ। ਸਿਰੀ ਰਾਗ ਵਿਚ ਦਰਜ ਹੋਣ ਕਰਕੇ ਇਸ ਦਾ ਨਾਂ ਇਸ ਰਾਗ ਤੇ ਆਧਾਰਿਤ ਰੱਖਿਆ ਗਿਆ ਹੈ। ਇਹ ਰਾਗ ਸੰਗੀਤਿਕ ਸੁੰਦਰਤਾ ਅਤੇ ਕੋਮਲਤਾ ਕਰਕੇ ਪ੍ਰਸਿੱਧ ਹੈ ਅਤੇ ਇਸਦਾ ਸਰਦੀਆਂ (ਜਨਵਰੀ-ਫਰਵਰੀ) ਅਤੇ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ (ਮਈ-ਜੂਨ ਵਿਚ) ਸੂਰਜ ਛਿਪਣ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਗਾਇਨ ਕੀਤਾ ਜਾਂਦਾ ਹੈ। ਇਸ ਵਾਰ ਦੀਆਂ ਇੱਕੀ ਪਉੜੀਆਂ ਹਨ ਅਤੇ ਹਰ ਇਕ ਦੇ ਪਹਿਲਾਂ ਦੋ ਸਲੋਕ ਹਨ: ਕੇਵਲ ਚੌਦ੍ਹਵੀਂ ਪਉੜੀ ਦੇ ਤਿੰਨ ਸਲੋਕ ਹਨ। ਹਰ ਪਉੜੀ ਦੀਆਂ ਪੰਜ ਤੁਕਾਂ ਹਨ ਜਦੋਂ ਕਿ ਸਲੋਕਾਂ ਦਾ ਆਕਾਰ ਘੱਟ ਵੱਧ ਹੈ ਅਤੇ ਇਹ ਸਾਰੇ ਇਕੋ ਗੁਰੂ ਦੇ ਨਹੀਂ ਹਨ। ਇਸ ਵਾਰ ਦੀਆਂ ਸਾਰੀਆਂ ਪਉੜੀਆਂ ਗੁਰੂ ਰਾਮ ਦਾਸ ਜੀ ਦੀਆਂ ਰਚਿਤ ਹਨ ਜਦੋਂ ਕਿ ਤਰਤਾਲੀ ਸਲੋਕਾਂ ਵਿਚੋਂ ਸੱਤ ਗੁਰੂ ਨਾਨਕ ਦੇਵ ਜੀ ਦੇ ਦੋ ਗੁਰੂ ਅੰਗਦ ਦੇਵ ਜੀ ਦੇ ਤੇਤੀ ਗੁਰੂ ਅਮਰਦਾਸ ਜੀ ਦੇ ਅਤੇ ਇਕ ਸਲੋਕ ਗੁਰੂ ਅਰਜਨ ਦੇਵ ਜੀ ਦਾ ਹੈ।

    ਇਹ ਵਾਰ ਇਕ ਪਰਮਾਤਮਾ ਦੀ ਮਹਿਮਾ ਗਾਇਨ ਕਰਦੀ ਹੈ ਜੋ ਇਸ ਸਮੁੱਚੇ ਸੰਸਾਰ ਦਾ ਰਚਨਹਾਰ ਅਤੇ ਸੰਭਾਲ ਕਰਨ ਵਾਲਾ ਹੈ। ਉਸ ਦੀ ਮਿਹਰ ਕਰਕੇ ਹੀ ਮਨੁੱਖ ਉਸ ਨੂੰ ਯਾਦ ਕਰਦੇ ਹਨ ਅਤੇ ਇਸ ਤਰ੍ਹਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਦੇ ਹਨ। ਪਰਮਾਤਮਾ ਨੇ ਇਸ ਧਰਤੀ , ਸੂਰਜ ਅਤੇ ਚੰਦਰਮਾਂ ਅਤੇ ਚੌਹਾਂ ਲੋਕਾਂ ਦੀ ਰਚਨਾ ਕੀਤੀ ਹੈ। ਕਈਆਂ ਤੇ ਬਖਸ਼ਿਸ਼ ਹੋਈ ਹੈ ਕਿ ਉਹ ਲਾਭ ਪ੍ਰਾਪਤ ਕਰਦੇ ਹਨ ਅਤੇ ਗੁਰਮੁਖ ਬਣ ਜਾਂਦੇ ਹਨ ਭਾਵ ਇਹਨਾਂ ਦਾ ਮੁੱਖ ਹਮੇਸ਼ਾਂ ਗੁਰੂ ਵੱਲ ਹੀ ਹੁੰਦਾ ਹੈ। ਅਜਿਹੇ ਮਨੁੱਖ ਮੁਕਤੀ ਪ੍ਰਾਪਤ ਕਰਦੇ ਹਨ ਅਤੇ ਇਸ ਤਰ੍ਹਾਂ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ। ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ਼, ਉਸ ਨਾਲ ਪ੍ਰੇਮ ਕਰਨਾ, ਉਸ ਦੇ ਨਾਮ ਦਾ ਸਿਮਰਨ ਕਰਨਾ ਅਤੇ ਮਨੁੱਖੀ ਜੀਵਨ ਦਾ ਅੰਤਿਮ ਲਕਸ਼ ਪਰਮਾਤਮਾ ਦੀ ਪ੍ਰਾਪਤੀ ਕੁਝ ਅਜਿਹੇ ਨੁਕਤੇ ਹਨ ਜਿਨ੍ਹਾਂ ਉੱਤੇ ਇਸ ‘ਵਾਰ` ਵਿਚ ਜ਼ੋਰ ਦਿੱਤਾ ਗਿਆ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਪ੍ਰੇਮ ਕਰਨਾ ਸਥਾਈ ਨਹੀਂ ਹੈ ਅਤੇ ਇਸ ਨਾਲ ਮਨੁੱਖ ਨੂੰ ਨਿਰਾਸ਼ਾ ਹੁੰਦੀ ਹੈ। ਅਧਿਆਤਮਿਕ ਅਤੇ ਧਰਮ ਸ਼ਾਸਤਰੀ ਸਮੱਸਿਆਵਾਂ ਤੋਂ ਇਲਾਵਾ ਇਸ ਵਾਰ ਵਿਚ ਕੁਝ ਸਮਾਜਿਕ ਸਮੱਸਿਆਵਾਂ ਵੱਲ ਵੀ ਸੰਕੇਤ ਕੀਤਾ ਗਿਆ ਹੈ। ਮਨੁੱਖਾਂ ਦੀ ਬਰਾਬਰੀ ਜੀਵਨ ਦੀਆਂ ਕਦਰਾਂ ਕੀਮਤਾਂ ਵਿਚੋਂ ਮੁੱਖ ਜੀਵਨ-ਮੁੱਲ ਹੈ। ਮਨੁੱਖ ਦੇ ਕਿਸੇ ਵਿਸ਼ੇਸ਼ ਜ਼ਾਤ ਵਿਚ ਜਨਮ ਰਾਹੀਂ ਉਸਦਾ ਸਮਾਜਿਕ ਰੁਤਬਾ ਤੈਅ ਨਹੀਂ ਹੁੰਦਾ ਬਲਕਿ ਉਸ ਦੁਆਰਾ ਕੀਤੇ ਚੰਗੇ ਅਤੇ ਬੁਰੇ ਕੰਮਾਂ ਤੋਂ ਉਸਦਾ ਸਮਾਜਿਕ ਰੁਤਬਾ ਨਿਰਧਾਰਿਤ ਕੀਤਾ ਜਾਂਦਾ ਹੈ। ਜਾਤਪਾਤ ਦਾ ਅਭਿਮਾਨ ਨਿਰਮੂਲ ਹੈ। ਪਰਮਾਤਮਾ ਮਨੁੱਖਾਂ ਦੀ ਜਾਤ ਜਾਂ ਧਰਮ ਦਾ ਖਿਆਲ ਕੀਤੇ ਬਿਨਾਂ ਰੱਖਿਆ ਕਰਦਾ ਹੈ।

    ਗੁਰੂ ਨਾਨਕ ਦੇਵ ਜੀ ਛੂਤਛਾਤ ਅਤੇ ਪਖੰਡ ਕਰਨ ਵਾਲੇ ਉਹਨਾਂ ਲੋਕਾਂ ਦਾ ਖੰਡਨ ਕਰਦੇ ਹਨ ਜੋ ਆਪਣੀ ਰਸੋਈ ਦੁਆਲੇ ਲਕੀਰ ਖਿਚਦੇ ਹਨ ਤਾਂ ਕਿ ਇਹ ਭਿੱਟੀ ਨਾ ਜਾਵੇ ਪਰੰਤੂ ਆਪਣੇ ਮਨ ਦੀ ਬੁਰੇ ਵਿਚਾਰਾਂ ਤੋਂ ਸਫਾਈ ਨਹੀਂ ਕਰਦੇ। ਪਵਿੱਤਰ ਹੋਣ ਦਾ ਢੌਂਗ ਰਚਣ ਵਾਲੇ ਪਰੰਤੂ ਆਪਣੇ ਮਨ ਅੰਦਰ ਬੁਰਾਈ ਲਈ ਫਿਰਨ ਵਾਲੇ ਮਨੁੱਖ ਨੂੰ ਬੁਰੀ ਤਰ੍ਹਾਂ ਨਿੰਦਿਆ ਗਿਆ ਹੈ। ਮਨੁੱਖ ਨੂੰ ਨੈਤਿਕਤਾ ਵਾਲਾ ਰਸਤਾ ਅਪਨਾਉਣ ਦੀ ਨਸੀਹਤ ਦਿੱਤੀ ਗਈ ਹੈ। ਇਸ ਤਰੀਕੇ ਨਾਲ ਮਨੁੱਖ ਆਪਣੇ ਹਉਮੈ ਉੱਤੇ ਕਾਬੂ ਪਾ ਲਵੇਗਾ ਜੋ ਪਰਮਾਤਮਾ ਦੇ ਗਿਆਨ ਪ੍ਰਾਪਤੀ ਦੇ ਰਸਤੇ ਵਿਚ ਬਹੁਤ ਵੱਡੀ ਰੁਕਾਵਟ ਹੈ। ਇਸ ਵਾਰ ਦੀ ਅਖੀਰਲੀ ਪਉੜੀ ਇਕ ਤਰ੍ਹਾਂ ਨਾਲ ਇਲਹਾਮ ਦੀ ਹੀ ਝਲਕ ਪੇਸ਼ ਕਰਦੀ ਹੈ। ਗੁਰੂ ਜੋ ਆਪਣੇ ਆਪ ਨੂੰ ਪਰਮਾਤਾਮਾ ਦੀ ਸਿਫਤ ਸਲਾਹ ਕਰਨ ਵਾਲਾ ਢਾਢੀ ਕਹਿੰਦੇ ਹਨ, ਆਪ ਉਸ ਪਰਮਾਤਮਾ ਦੀ ਹਜ਼ੂਰੀ ਵਿਚ ਪਹੁੰਚੇ ਹਨ ਅਤੇ ਉਸ ਪਰਮਾਤਮਾ ਦੀ ਦਰਗਾਹ ਤੋਂ ਸੱਚੇ ਨਾਮ ਦੀ ਪ੍ਰਾਪਤੀ ਕੀਤੀ ਹੈ।


ਲੇਖਕ : ਹ.ਨ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.